ਦੂਜਾ ਦਿਨ
ਸਫਰ-ਏ-ਸ਼ਹਾਦਤ ਵਿਸ਼ਰਾਮ 7 ਪੋਹ (ਸਾਕਾ 1704)
ਦੀ ਖਾਮੋਸ਼ੀ ਰਾਤ ਵਿੱਚ ਗੁਰੂ ਕਲਗੀਧਰ ਪਿਤਾ ਜੀ ਅਤੇ ਗੁਰੂ ਸਾਹਿਬ ਦੇ ਪਿਆਰੇ ਸਿੰਘ
ਗੁਰੂ ਕਲਗੀਧਰ ਪਿਤਾ ਜੀ ਸਿੰਘਾਂ ਸਮੇਤ ਪਹੁੰਚੇ ਹਨ, ਚਮਕੌਰ ਦੀ ਕੱਚੀ ਗੜ੍ਹੀ ਵਿੱਚ । ਇਹ ਗੜ੍ਹੀ ਦੇ ਭਰਾਵਾਂ ਭਾਈ ਗਰੀਬੂ ਜੀ ਅਤੇ ਭਾਈ ਬੁੱਧੀ ਚੰਦ ਰਾਵਤ ਜੀ ਦੀ ਸੀ । ਸ਼ਾਮ ਦੇ ਵੇਲੇ ਗੁਰੂ ਸਾਹਿਬ ਨੇ ਕਮਰਕੱਸਾ ਖੋਲ੍ਹਿਆ ਤੇ ਰਹਿਰਾਸ ਸਾਹਿਬ ਦਾ ਪਾਠ ਕੀਤਾ। ਸੁੱਕਾ ਮਿੱਸਾ ਛਕਿਆ । ਦੋ ਭਰਾ ਭਾਈ ਮਦਨ ਸਿੰਘ ਜੀ ਤੇ ਭਾਈ ਕੋਠਾ ਸਿੰਘ ਜੀ ਨੇ ਬੇਨਤੀ ਕੀਤੀ ਕਿ ਚਮਕੌਰ ਦੀ ਗੜ੍ਹੀ ਦੇ ਦਰਵਾਜ਼ੇ ਤੇ ਪਹਿਰਾ ਦੇਣਾ ਹੈ । ਗੁਰੂ ਸਾਹਿਬ ਜੀ ਨੇ ਆਗਿਆ ਦਿੱਤੀ । ਸਿੰਘ ਜ਼ਖਮੀ ਹਨ । ਰਾਤ ਪਈ ਤੇ ਸਾਹਿਬਜ਼ਾਦੇ ਤੇ ਸਾਰੇ ਸਿੰਘ ਅਰਾਮ ਵਿੱਚ ਹੋ ਗਏ । ਦੋਵੇਂ ਭਰਾ ਗੜ੍ਹੀ ਦੇ ਦਰਵਾਜ਼ੇ ਤੇ ਪਹਿਰਾ ਦੇ ਰਹੇ ਹਨ । ਗੁਰੂ ਕਲਗੀਧਰ ਸੁਆਮੀ ਜੀ ਚੌਂਕੜਾ ਮਾਰਿਆ ਹੈ । ਨੇਤਰ ਮੀਟੇ ਹਨ । ਇਕਦਮ ਅਸਮਾਨ ਵੱਲ ਦੇਖਿਆ ਤੇ ਅਰਦਾਸ ਕੀਤੀ। ਹੇ ਅਕਾਲ ਪੁਰਖ ! ਮੈਂ ਤੇਰਾ, ਮੇਰੇ ਪੁੱਤਰ ਤੇਰੇ, ਮੇਰੇ ਸਿੱਖ ਤੇਰੇ । ਕਿਰਪਾ ਕਰੀਂ, ਇਨ੍ਹਾਂ ਦੀ ਸ਼ਹੀਦੀ ਉਪਰੰਤ ਮੇਰੇ ਅੰਦਰ ਦੀ ਅਡੋਲਤਾ ਤੇ ਸਿਮਰਨ ਦੀ ਦਾਤ ਬਖਸ਼ੀ । ਗੁਰੂ ਸਾਹਿਬ ਟਹਿਲਦੇ ਪਏ ਹਨ । ਆਪਣੇ ਸਾਹਿਬਜ਼ਾਦਿਆਂ ਅਤੇ ਸਿੱਖਾਂ ਨੂੰ ਨਿਹਾਰ ਰਹੇ ਹਨ । ਕੁਰਬਾਨ ਜਾ ਰਹੇ ਹਨ । ਭਾਈ ਮਦਾਨ ਸਿੰਘ ਜੀ ਅਤੇ ਭਾਈ ਕੋਠਾ ਸਿੰਘ ਜੀ ਨੇ ਗੁਰੂ ਸਾਹਿਬ ਨੂੰ ਦੇਖਿਆ । ਗੁਰੂ ਸਾਹਿਬ ਨੇ ਖਾਮੋਸ਼ ਰਹਿਣ ਦਾ ਇਸ਼ਾਰਾ ਦਿੱਤਾ । ਮਹਾਰਾਜ ਜੀ ਨੇ ਬਚਨ ਕੀਤਾ, ਤੁਸੀਂ ਅਰਾਮ ਕਰ ਲਓ । ਅੱਜ ਸਾਰੇ ਸਿੰਘਾਂ ਦਾ ਪਹਿਰਾ ਮੈਂ ਦੇਣਾ ਹੈ । ਰਾਤ ਬੀਤ ਗਈ ਪਰ ਗੁਰੂ ਕਲਗੀਧਰ ਪਿਤਾ ਜੀ ਸੁੱਤੇ ਨਹੀਂ, ਅੰਮ੍ਰਿਤ ਵੇਲਾ ਹੋ ਗਿਆ । ਮਰਜੀਵੜੇ ਸਿੱਖ ਉੱਠੇ, ਅੰਮ੍ਰਿਤਵੇਲੇ ਦਾ ਦੀਵਾਨ ਸਜਿਆ ਤੇ ਦੁਨੀਆ ਦੀ ਅਦੁੱਤੀ ਜੰਗ ਲਈ ਤਿਆਰ ਹੋ ਗਏ।
ਵਿਸ਼ਰਾਮ 7 ਪੋਹ (ਸਾਕਾ 1704)
ਦੂਜਾ ਦਿਨ ਸਫਰ-ਏ-ਸ਼ਹਾਦਤ
ਵਿਸ਼ਰਾਮ 7 ਪੋਹ (ਸਾਕਾ 1704)
ਛੰਨ, ਗੁਰਦੁਆਰਾ ਕੁਮਾ ਮਾਸ਼ਕੀ ਜੀ, ਘਨੌਲੀ, ਜ਼ਿਲ੍ਹਾ ਰੋਪੜ
ਅੱਜ ਦੀ ਰਾਤ ਧੰਨ ਧੰਨ ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਨੇ ਕੁਮਾ ਮਾਸ਼ਕੀ ਦੀ ਝੁੱਗੀ ਵਿੱਚ ਗੁਰੂ ਦੇ ਭਾਣਾ ਵਿੱਚ ਅਡੋਲ ਚਿੱਤ ਰਹਿੰਦਿਆਂ ਕੱਟੀ । ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਆਪਣਾ ਮਹਾਨ ਵਿਰਸੇ ਤੋਂ ਜਾਣੂੰ ਕਰਵਾਉਂਦਿਆਂ ਅਤੇ ਆਪਣੇ ਪਤੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਹਾਨ ਬਲੀਦਾਨ ਦੀਆਂ ਸਾਖੀਆਂ ਸੁਣਾਉਂਦਿਆਂ ਉਨ੍ਹਾਂ ਅੰਦਰ ਦ੍ਰਿੜ੍ਹਤਾ ਦੀ ਭਾਵਨਾ ਨੂੰ ਹੋਰ ਸੁਦ੍ਰਿੜ੍ਹ ਕੀਤਾ । ਧੰਨ ਹਨ ਕੁਮਾ ਮਾਸ਼ਕੀ ਜੀ ਜਿਨ੍ਹਾਂ ਨੇ ਸਮੇਂ ਦੀ ਹਕੂਮਤ ਦੀ ਪਰਵਾਹ ਨਾ ਕਰਦਿਆਂ ਇਹ ਮਹਾਨ ਸੇਵਾ ਕੀਤੀ । ਲੱਛਮੀ ਬ੍ਰਾਹਮਣੀ ਨੇ ਪ੍ਰਸ਼ਾਦੇ ਪਾਣੀ ਦੀ ਸੇਵਾ ਕੀਤੀ । ਪਤਾ ਨਹੀਂ ਮਾਤਾ ਜੀ ਨੇ ਦਰਗਾਹ ਵਿੱਚ ਕੁਮਾ ਮਾਸ਼ਕੀ ਜੀ ਅਤੇ ਪੱਛਮੀ ਬ੍ਰਾਹਮਣੀ ਜੀ ਨੂੰ ਕਿਹੜਾ ਪਾਵਨ ਤੇ ਉੱਚ ਅਸਥਾਨ ਬਖਸ਼ਸ਼ ਕੀਤਾ ਹੋਵੇਗਾ । ਕੁਮਾ ਮਾਸ਼ਕੀ ਜੀ ਅਤੇ ਪੱਛਮੀ ਬ੍ਰਾਹਮਣੀ ਜੀ ਦੇ ਚਰਨਾਂ ਤੋਂ ਕੋਟਨਿ ਕੋਟਿ ਵਾਰੀ ਬਲਿਹਾਰ ।