ਸਰਹਿੰਦ ਦੀ ਕਚਹਿਰੀ ਵਿੱਚ ਦੂਜੀ ਪੇਸ਼ੀ ਤੇ ਮੌਤ ਦਾ ਫਤਵਾ
ਅੱਜ ਦੇ ਦਿਨ ਦੂਜੀ ਵਾਰ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਸਰਹਿੰਦ ਦੇ ਨਵਾਬ ਦੀ ਕਚਹਿਰੀ ਵਿੱਚ ਪੇਸ਼ ਹੋਏ । ਸਰਹਿੰਦ ਦੇ ਨਵਾਬ ਵਜੀਦ ਖਾਂ, ਸੁੱਚਾ ਨੰਦ ਦੀਵਾਨ ਨੇ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਪਰ ਛੋਟੇ ਸਾਹਿਬਜ਼ਾਦਿਆਂ ਅੰਦਰਲੇ ਸਿੱਖੀ ਸਿਦਕ ਨੂੰ ਕੋਈ ਡੁਲਾ ਨਾ ਸਕਿਆ । ਇਨ੍ਹਾਂ ਨੇ ਚਾਲ ਖੇਡਦਿਆਂ ਕਚਹਿਰੀ ਦਾ ਮੁੱਖ ਦੁਆਰ ਬੰਦ ਕਰ ਦਿੱਤਾ ਤੇ ਛੋਟਾ ਦੁਆਰ ਖੋਲ੍ਹਿਆ ਤਾਂ ਕਿ ਸਾਹਿਬਜ਼ਾਦੇ ਜਦੋਂ ਅੰਦਰ ਵੜਨਗੇ ਤੇ ਸਿਰ ਝੁਕਾ ਕੇ ਵੜਨਗੇ । ਪਰ ਸਾਹਿਬਜ਼ਾਦਿਆਂ ਨੇ ਪਹਿਲਾਂ ਪੈਰ (ਪਾਵਨ ਚਰਨ) ਅੰਦਰ ਪਾਇਆ ਤੇ ਅੰਦਰ ਵੜਦਿਆਂ ਹੀ ਗਜ ਕੇ ਫਤਹਿ ਬੁਲਾਈ । ਕਚਹਿਰੀ ਅੰਦਰ ਸੰਨਾਟਾ ਛਾ ਗਿਆ । ਨਵਾਬ ਅਤੇ ਅਹਿਲਕਾਰ ਬੁੱਲ੍ਹ ਟੁਕਦੇ ਹੀ ਰਹਿ ਗਏ । ਜਦੋਂ ਕੋਈ ਪੇਸ਼ ਨਾ ਗਈ ਤੇ ਫਿਰ ਕਾਜ਼ੀ ਦੀ ਰਜ਼ਾਮੰਦੀ ਨਾਲ ਫਤਵਾ ਸੁਣਾਇਆ ਗਿਆ : ਜਿਊਂਦੇ ਹੀ ਨੀਹਾਂ ਵਿੱਚ ਚਿਣ ਦਿੱਤਾ ਜਾਵੇ। ਇੰਨਾ ਕਹਿਰ ਸਰਹਿੰਦ ਦੀ ਸਰ ਜ਼ਮੀਨ ਤੇ ਵਾਪਰਨ ਲੱਗਾ ਮਾਨੋ ਅੰਬਰ ਵੀ ਰੋ ਪਿਆ ਤੇ ਧਰਤੀ ਵੀ ਕੰਬਣ ਲੱਗੀ ਕਿ ਮੇਰੀ ਦੇਹ ਤੇ ਇੰਨਾ ਵੱਡਾ ਕਹਿਰ ਵਾਪਰਨ ਲੱਗਾ ਹੈ ਪਰ ਗੁਰੂ ਦੇ ਲਾਲ ਸਾਹਿਬਜ਼ਾਦੇ ਚੜ੍ਹਦੀਕਲਾ ਵਿੱਚ
ਰਹਿੰਦਿਆਂ ਸਿੱਖੀ ਸਿਦਕ ਨਿਭਾਅ ਗਏ ।