Tuhai hai Waho Teri Rajai
Shabad Lyrics Punjabi
Ang 1329
ਪ੍ਰਭਾਤੀ ਮਹਲਾ ੧ ॥
ਆਵਤੁ ਕਿਨੈ ਨ ਰਾਖਿਆ ਜਾਵਤੁ ਕਿਉ ਰਾਖਿਆ ਜਾਇ ॥ ਜਿਸ ਤੇ ਹੋਆ ਸੋਈ ਪਰੁ ਜਾਣੈ ਜਾਂ ਉਸ ਹੀ ਮਾਹਿ ਸਮਾਇ ॥੧॥ ਤੂਹੈ ਹੈ ਵਾਹੁ ਤੇਰੀ ਰਜਾਇ ॥ ਜੋ ਕਿਛੁ ਕਰਹਿ ਸੋਈ ਪਰੁ ਹੋਇਬਾ ਅਵਰੁ ਨ ਕਰਣਾ ਜਾਇ ॥੧॥ ਰਹਾਉ ॥ ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ ॥ ਤੈਸੋ ਹੀ ਇਹੁ ਖੇਲੁ ਖਸਮ ਕਾ ਜਿਉ ਉਸ ਕੀ ਵਡਿਆਈ ॥੨॥ ਸੁਰਤੀ ਕੈ ਮਾਰਗਿ ਚਲਿ ਕੈ ਉਲਟੀ ਨਦਰਿ ਪ੍ਰਗਾਸੀ ॥ ਮਨਿ ਵੀਚਾਰਿ ਦੇਖੁ ਬ੍ਰਹਮ ਗਿਆਨੀ ਕਉਨੁ ਗਿਰਹੀ ਕਉਨੁ ਉਦਾਸੀ ॥੩॥ ਜਿਸ ਕੀ ਆਸਾ ਤਿਸ ਹੀ ਸਉਪਿ ਕੈ ਏਹੁ ਰਹਿਆ ਨਿਰਬਾਣੁ ॥ ਜਿਸ ਤੇ ਹੋਆ ਸੋਈ ਕਰਿ ਮਾਨਿਆ ਨਾਨਕ ਗਿਰਹੀ ਉਦਾਸੀ ਸੋ ਪਰਵਾਣੁ ॥੪॥੮॥
ਅਰਥ: ਹੇ ਪ੍ਰਭੂ! (ਇਸ ਜਗਤ ਦਾ ਰਚਨਹਾਰ) ਤੂੰ ਆਪ ਹੀ ਹੈਂ (ਤੂੰ ਆਪ ਹੀ ਇਸ ਨੂੰ ਆਪਣੀ ਰਜ਼ਾ ਅਨੁਸਾਰ ਪੈਦਾ ਕੀਤਾ ਹੈ) ਤੇਰੀ ਰਜ਼ਾ ਭੀ ਅਚਰਜ ਹੈ (ਭਾਵ, ਜੀਵਾਂ ਦੀ ਸਮਝ ਤੋਂ ਪਰੇ ਹੈ) । ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ, ਜ਼ਰੂਰ ਉਹੀ ਕੁਝ ਵਾਪਰਦਾ ਹੈ, ਤੇਰੀ ਰਜ਼ਾ ਦੇ ਉਲਟ (ਕਿਸੇ ਜੀਵ ਪਾਸੋਂ) ਕੁਝ ਨਹੀਂ ਕੀਤਾ ਜਾ ਸਕਦਾ (ਜੀਵ ਦਾ ਇਹ ਅੰਞਾਣਪੁਣਾ ਹੈ ਕਿ ਤੇਰੇ ਰਚੇ ਜਗਤ ਤੋਂ ਨਫ਼ਰਤ ਕਰੇ, ਤੇ ਗ੍ਰਿਹਸਤ ਛੱਡ ਕੇ ਫ਼ਕੀਰ ਜਾ ਬਣੇ) ।1। ਰਹਾਉ। ਪ੍ਰਭੂ ਦੀ ਰਜ਼ਾ ਅਨੁਸਾਰ ਜੇਹੜਾ ਜੀਵ ਜਗਤ ਵਿਚ ਜੰਮਦਾ ਹੈ ਉਸ ਨੂੰ ਜੰਮਣੋਂ ਕੋਈ ਰੋਕ ਨਹੀਂ ਸਕਦਾ, ਜੇਹੜਾ (ਮਰ ਕੇ ਇਥੋਂ) ਜਾਣ ਲਗਦਾ ਹੈ ਉਸ ਨੂੰ ਕੋਈ ਇਥੇ ਰੋਕ ਕੇ ਨਹੀਂ ਰੱਖ ਸਕਦਾ। ਜਿਸ ਪਰਮਾਤਮਾ ਤੋਂ ਜਗਤ ਪੈਦਾ ਹੁੰਦਾ ਹੈ, ਉਸੇ ਵਿਚ ਹੀ ਇਹ ਲੀਨ ਹੋ ਜਾਂਦਾ ਹੈ (ਇਸ ਜਗਤ-ਰਚਨਾ ਦੇ ਭੇਤ ਨੂੰ) ਉਹ ਪਰਮਾਤਮਾ ਹੀ ਠੀਕ ਤਰ੍ਹਾਂ ਜਾਣਦਾ ਹੈ (ਜੀਵ ਨੂੰ ਇਹ ਗੱਲ ਨਹੀਂ ਸੋਭਦੀ ਕਿ ਜਗਤ ਨੂੰ ਮਾੜਾ ਆਖ ਕੇ ਇਸ ਤੋਂ ਨਫ਼ਰਤ ਕਰ ਕੇ ਪਰੇ ਹਟੇ) ।1। ਜਿਵੇਂ ਵਗਦੇ ਖੂਹ ਦੀ ਮਾਹਲ ਨਾਲ ਟਿੰਡਾਂ ਬੱਧੀਆਂ ਹੁੰਦੀਆਂ ਹਨ (ਜਿਉਂ ਜਿਉਂ ਖੂਹ ਚੱਲਦਾ ਹੈ, ਤਿਉਂ ਤਿਉਂ) ਕੁਝ ਟਿੰਡਾਂ ਖ਼ਾਲੀ ਹੁੰਦੀਆਂ ਜਾਂਦੀਆਂ ਹਨ ਤੇ ਕੁਝ (ਟਿੰਡਾਂ ਖੂਹ ਦੇ ਪਾਣੀ ਨਾਲ) ਮੁੜ ਭਰਦੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਦਾ ਹੀ ਜਗਤ-ਰਚਨਾ ਦਾ ਇਹ ਤਮਾਸ਼ਾ ਹੈ ਜੋ ਖਸਮ-ਪ੍ਰਭੂ ਨੇ ਰਚਿਆ ਹੋਇਆ ਹੈ (ਕੁਝ ਇਥੋਂ ਕੂਚ ਕਰ ਕੇ ਥਾਂ ਖ਼ਾਲੀ ਕਰ ਜਾਂਦੇ ਹਨ, ਤੇ ਕੁਝ ਸਰੀਰ ਧਾਰ ਕੇ ਥਾਂ ਆ ਮੱਲਦੇ ਹਨ) । ਜਿਵੇਂ ਪਰਮਾਤਮਾ ਦੀ ਰਜ਼ਾ ਹੈ ਤਿਵੇਂ ਇਹ ਤਮਾਸ਼ਾ ਹੋ ਰਿਹਾ ਹੈ (ਇਸ ਤੋਂ ਨੱਕ ਵੱਟਣਾ ਫਬਦਾ ਨਹੀਂ) ।2। (ਪਰ ਹਾਂ) ਉਸ ਮਨੁੱਖ ਦੀ ਨਿਗਾਹ ਵਿਚ ਚਾਨਣ ਹੋਇਆ ਹੈ (ਭਾਵ, ਉਸ ਮਨੁੱਖ ਨੂੰ ਜੀਵਨ-ਜੁਗਤਿ ਦੀ ਸਹੀ ਸਮਝ ਪਈ ਹੈ) ਜਿਸ ਨੇ (ਜਗਤ ਦੇ ਰਚਨਹਾਰ) ਕਰਤਾਰ ਦੇ ਚਰਨਾਂ ਵਿਚ ਸੁਰਤਿ ਜੋੜਨ ਦੇ ਰਸਤੇ ਤੇ ਤੁਰ ਕੇ ਆਪਣੀ ਸੁਰਤਿ ਮਾਇਆ ਦੇ ਮੋਹ ਵਲੋਂ ਹਟਾਈ ਹੈ। ਹੇ ਪਰਮਾਤਮਾ ਨਾਲ ਸਾਂਝ ਪਾਣ ਦਾ ਜਤਨ ਕਰਨ ਵਾਲੇ! ਆਪਣੇ ਮਨ ਵਿਚ ਸੋਚ ਕੇ (ਅੱਖਾਂ ਖੋਲ੍ਹ ਕੇ) ਵੇਖ (ਜੇ ਸੁਰਤਿ ਟਿਕਾਣੇ ਤੇ ਨਹੀਂ ਹੈ; ਤਾਂ) ਨਾਹ ਹੀ ਗ੍ਰਿਹਸਤੀ ਜੀਵਨ-ਸਫ਼ਰ ਵਿਚ ਠੀਕ ਰਾਹੇ ਤੁਰ ਰਿਹਾ ਹੈ ਤੇ ਨਾਹ ਹੀ (ਉਹ ਮਨੁੱਖ ਜੋ ਆਪਣੇ ਆਪ ਨੂੰ) ਵਿਰਕਤ (ਸਮਝਦਾ ਹੈ) ।3। ਹੇ ਨਾਨਕ! ਜਿਸ ਪਰਮਾਤਮਾ ਨੇ ਦੁਨੀਆ ਵਾਲੀ ਮੋਹ ਮਾਇਆ ਦੀ ਆਸਾ ਮਨੁੱਖ ਨੂੰ ਚੰਬੋੜ ਦਿੱਤੀ ਹੈ, ਜੋ ਮਨੁੱਖ ਉਸੇ ਪਰਮਾਤਮਾ ਦੇ (ਇਹ ਆਸਾ ਤ੍ਰਿਸ਼ਨਾ) ਹਵਾਲੇ ਕਰਦਾ ਹੈ, ਤੇ ਵਾਸਨਾ-ਰਹਿਤ ਹੋ ਕੇ ਜੀਵਨ ਗੁਜ਼ਾਰਦਾ ਹੈ, ਤੇ ਇਸ ਪਰਮਾਤਮਾ ਦੀ ਰਜ਼ਾ ਵਿਚ ਇਹ ਜਗਤ-ਰਚਨਾ ਹੋਈ ਹੈ ਉਸ ਨੂੰ ਰਜ਼ਾ ਦਾ ਮਾਲਕ ਜਾਣ ਕੇ ਉਸ ਵਿਚ ਆਪਣਾ ਮਨ ਜੋੜਦਾ ਹੈ, ਉਹ ਚਾਹੇ ਗ੍ਰਿਹਸਤੀ ਹੈ ਚਾਹੇ ਵਿਰਕਤ, ਉਹ ਪਰਮਾਤਮਾ ਦੀ ਦਰਗਾਹ ਵਿਚ ਕਬੂਲ ਹੈ।4।8।