Guru Arjan Dev JI Jeewan
ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਬਚਪਨ ਤੋਂ ਲੈਕੇ ਬਡੇਰੀ ਉਮਰ ਤਕ ਦਾ ਸਫਰ

ਸੰਗਤ ਜੀ ਆਓ ਆਪਾਂ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਸਮਝ ਦੇ ਹਾਂ ਉਨ੍ਹਾਂ ਦੇ ਬਚਪਨ ਤੋਂ ਲੈਕੇ ਬਡੇਰੀ ਉਮਰ ਤਕ ਦਾ ਸਫਰ ਕਿਵੇਂ ਦਾ ਸੀ।

ਪ੍ਰਕਾਸ਼ ਅਤੇ ਪੜ੍ਹਾਈ

(ਗੁਰੂ) ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈ: ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ। ਉਨ੍ਹਾਂ ਦੀ ਮਾਤਾ ਜੀ ਦਾ ਨਾਂ ਬੀਬੀ ਭਾਨੀ ਅਤੇ ਪਿਤਾ ਜੀ ਸ੍ਰੀ ਗੁਰੂ ਰਾਮਦਾਸ ਜੀ ਸਨ। ਬੀਬੀ ਭਾਨੀ ਕਿਉਂਕਿ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸੀ ਇਸ ਲਈ ਉਹ ਉਨ੍ਹਾਂ ਦੇ ਨਾਨਾ ਜੀ ਲਗਦੇ ਸਨ।

ਉਸ ਸਮੇਂ ਗੁਰੂ ਰਾਮਦਾਸ ਹਾਲੇ ਗੁਰੂ ਨਹੀਂ ਸਨ ਬਣੇ ਅਤੇ ਗੁਰੂ ਜੀ ਦੀ ਸੇਵਾ ਹੀ ਕਰਦੇ ਸਨ। ਜਦ ਗੁਰੂ ਅਮਰਦਾਸ ਜੀ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਦੀ ਪੁੱਤਰੀ ਦੇ ਘਰ ਤੀਜੇ ਪੁੱਤਰ ਨੇ ਜਨਮ ਲਿਆ ਹੈ ਤਾਂ ਉਹ ਆਪਣੇ ਦੋਹਤਰੇ ਨੂੰ ਵੇਖਣ ਲਈ ਗਏ। ਪਹਿਲੀ ਨਜ਼ਰ ਹੀ ਵੇਖਦਿਆਂ ਉਨ੍ਹਾਂ ਕਹਿ ਦਿੱਤਾ,

“ਇਹ ਭਾਰੀ ਪੁਰਸ਼ ਬਣੇਗਾ।”

ਗੁਰੂ ਅਮਰਦਾਸ ਜੀ ਆਪਣੇ ਇਸ ਦੋਹਤਰੇ ਨੂੰ ਬਹੁਤ ਪਿਆਰ ਕਰਦੇ ਸਨ । ਇਸ ਲਈ (ਗੁਰੂ) ਅਰਜਨ ਦੇਵ ਵੀ ਉਨ੍ਹਾਂ ਪਾਸ ਜਾਣ ਲਈ ਉਤਾਵਲੇ ਰਹਿੰਦੇ ਸਨ। ਉਹ ਆਮ ਤੌਰ ‘ਤੇ ਗੁਰੂ ਘਰ ਵਿਚ ਹੀ ਆ ਕੇ ਖੇਡਦੇ ਸਨ । ਇਕ ਵਾਰ ਜਦ ਉਹ ਖੇਡ ਰਹੇ ਸਨ ਤਾਂ ਉਨ੍ਹਾਂ ਦੀ ਗੇਂਦ ਰਿੜ੍ਹਦੀ ਰਿੜ੍ਹਦੀ ਗੁਰੂ ਅਮਰਦਾਸ ਜੀ ਦੇ ਪਲੰਘ ਹੇਠ ਚਲੇ ਗਈ। ਗੁਰੂ ਜੀ ਉਸ ਵੇਲੇ ਆਰਾਮ ਕਰ ਰਹੇ ਸਨ । ਜਦ (ਗੁਰੂ) ਅਰਜਨ ਦੇਵ ਜੀ ਗੇਂਦ ਲੈਣ ਵਾਸਤੇ ਪਲੰਘ ਹੇਠ ਗਏ ਤਾਂ ਪਲੰਘ ਹੀ ਉੱਚਾ ਚੁਕਿਆ ਗਿਆ ਅਤੇ ਗੁਰੂ ਜੀ ਦੀ ਨੀਂਦ ਖੁੱਲ੍ਹ ਗਈ। ਮੰਜੀ ਹਿਲਦੀ ਵੇਖ ਕੇ ਉਨ੍ਹਾਂ ਸਹਿਜ ਸੁਭਾਅ ਆਖਿਆ।

“ਇਹ ਕਿਹੜਾ ਵੱਡਾ ਪੁਰਖ ਹੈ ਭਾਰੀ
ਜਿਸ ਮੰਜੀ ਹਿਲਾਈ ਸਾਡੀ ਸਾਰੀ।”

ਜਦ ਗੁਰੂ ਜੀ ਇਹ ਬਚਨ ਕਰ ਰਹੇ ਸਨ ਤਾਂ ਉਨ੍ਹਾਂ ਦੀ ਸਪੁੱਤਰੀ ਬੀਬੀ ਭਾਨੀ ਵੀ ਓਥੇ ਪੁੱਜ ਗਈ। ਉਹ ਕਹਿਣ ਲੱਗੀ, “ਇਹ ਤੁਹਾਡਾ ਦੋਹਿਤਾ ਜੇ ਦੋਹਿਤਾ।” ਜਦ ਗੁਰੂ ਜੀ ਨੇ ਇਹ ਸ਼ਬਦ ਸੁਣੇ ਤਾਂ ਉਹ ਫਿਰ ਬੋਲੇ, “ਦੋਹਿਤਾ ਬਾਣੀ ਦਾ ਬੋਹਿਥਾ।”

ਫਿਰ ਉਨ੍ਹਾਂ (ਗੁਰੂ) ਅਰਜਨ ਦੇਵ ਨੂੰ ਆਪਣੇ ਪਾਸ ਬੁਲਾ ਕੇ ਆਪਣੀ ਛਾਤੀ ਨਾਲ ਲਾ ਲਿਆ ਅਤੇ ਕਹਿਣ ਲੱਗੇ, “ਅੱਜ ਤੋਂ ਸਾਡੇ ਪਾਸ ਪੜ੍ਹਨੇ ਆਇਆ ਕਰ ਅਸੀਂ ਤੈਨੂੰ ਪੰਜਾਬੀ ਅਤੇ ਗੁਰਬਾਣੀ ਪੜ੍ਹਾਵਾਂਗੇ, ਰਾਗ ਵਿਦਿਆ ਸਿਖਾਵਾਂਗੇ।” ਉਨ੍ਹਾਂ ਬੀਬੀ ਭਾਨੀ ਨੂੰ. ਵੀ ਹਦਾਇਤ ਕਰ ਦਿੱਤੀ ਕਿ ਉਹ ਬੱਚੇ ਨੂੰ ਲੈ ਕੇ ਰੋਜ਼ ਉਨ੍ਹਾਂ ਪਾਸ ਆਇਆ ਕਰੇ। ਗੁਰੂ ਜੀ ਦੀ ਉਮਰ ਉਸ ਵੇਲੇ ਚਾਰ ਸਾਲ ਦੀ ਸੀ। ਉਹ ਬੜੀ ਦਿਲਚਸਪੀ ਨਾਲ ਪੜ੍ਹਦੇ ਸਨ ਅਤੇ ਛੇਤੀ ਹੀ ਰਾਗ ਵਿਦਿਆ ਦੇ ਵੀ ਮਾਹਰ ਹੋ ਗਏ। ਜਦ ਗੁਰੂ ਜੀ ਨੇ ਇਹ ਸਮਝ ਲਿਆ ਕਿ ਗੁਰੂ ਜੀ ਵਿਦਿਆ ਵਿਚ ਨਿਪੁੰਨ ਹੋ ਗਏ ਹਨ ਅਤੇ ਹਰ ਰਾਗ ਨੂੰ ਬੜੀ ਸੁੰਦਰ ਆਵਾਜ਼ ਵਿਚ ਗਾ ਸਕਦੇ ਹਨ

ਤਦ ਉਨ੍ਹਾਂ ਬਾਬਾ ਮੋਹਰੀ ਜੀ ਨੂੰ ਉਨ੍ਹਾਂ ਨੂੰ ਗਣਿਤ ਪੜ੍ਹਾਉਣ ਵਾਸਤੇ ਲਾ ਦਿੱਤਾ। ਬਾਬਾ ਮੋਹਰੀ ਜੀ ਗਣਿਤ ਵਿਦਿਆ ਦੇ ਬੜੇ ਮਾਹਰ ਸਨ, ਇਸ ਲਈ (ਗੁਰੂ) ਅਰਜਨ ਦੇਵ ਨੂੰ ਉਨ੍ਹਾਂ ਗਣਿਤ ਵਿਦਿਆ ਵਿਚ ਚੰਗਾ ਮਾਹਰ ਬਣਾ ਦਿੱਤਾ। ਹਿੰਦੀ, ਸੰਸਕ੍ਰਿਤ ਪੜਾਉਣ ਵਾਸਤੇ ਪੰਡਤ ਬੇਣੀ ਦੀ ਜ਼ਿੰਮੇਵਾਰੀ ਲਾ ਦਿੱਤੀ।

ਉਸ ਸਮੇਂ ਮੁਸਲਮਾਨੀ ਹਕੂਮਤ ਹੋਣ ਕਰਕੇ ਫ਼ਾਰਸੀ ਦਫਤਰੀ ਭਾਸ਼ਾ ਸੀ। ਇਸ ਲਈ ਇਕ ਫ਼ਾਰਸੀ ਦੇ ਮੌਲਵੀ ਨੂੰ ਉਨ੍ਹਾਂ ਨੂੰ ਫ਼ਾਰਸੀ ਪੜ੍ਹਾਉਣ ਵਾਸਤੇ ਨਿਯੁੱਕਤ ਕਰ ਦਿੱਤਾ। (ਗੁਰੂ) ਅਰਜਨ ਦੇਵ ਜੀ ਨੇ ਆਪਣੀ ਦਸ ਸਾਲ ਦੀ ਉਮਰ ਤਕ ਹਰ ਪ੍ਰਕਾਰ ਦੀ ਪੜ੍ਹਾਈ ਮੁਕੰਮਲ ਕਰ ਲਈ।

ਪਰ ਸਭ ਤੋਂ ਵੱਧ ਉਨ੍ਹਾਂ ਦਾ ਗੁਰਬਾਣੀ ਨਾਲ ਬਹੁਤ ਪਿਆਰ ਸੀ, ਉਹ ਗੁਰਬਾਣੀ ਨੂੰ ਜ਼ਬਾਨੀ ਯਾਦ ਕਰਕੇ ਅਤੇ ਸ਼ਾਮ ਨੂੰ ਆਪਣੇ ਪਿਤਾ ਸ੍ਰੀ ਰਾਮਦਾਸ ਜੀ ਨੂੰ ਸੁਣਾਉਂਦੇ। (ਗੁਰੂ) ਰਾਮਦਾਸ ਜੀ ਉਨ੍ਹਾਂ ਦੀ ਰਾਗ ਵਿਦਿਆ ਦੀ ਏਨੀ ਮੁਹਾਰਤ ਵੇਖ ਕੇ ਬਹੁਤ ਪ੍ਰਸੰਨ ਹੁੰਦੇ ।

(ਗੁਰੂ) ਅਰਜਨ ਦੇਵ ਨੂੰ ਘੋੜ ਸਵਾਰੀ ਅਤੇ ਨੇਜ਼ੇ ਬਾਜ਼ੀ ਦਾ ਵੀ ਬਹੁਤ ਸ਼ੌਕ ਸੀ। ਉਹ ਜਦ ਸਵੇਰੇ ਆਪਣੇ ਪਿਤਾ ਜੀ ਅਤੇ ਭਰਾਵਾਂ ਨਾਲ ਸੈਰ ਕਰਨ ਜਾਂਦੇ ਤਾਂ ਘੋੜ ਸਵਾਰੀ ਦੇ ਹਰ ਦਾਅ ਪੇਚ ਚੰਗੀ ਤਰ੍ਹਾਂ ਸਿੱਖਦੇ। ਕਈ ਵਾਰ ਭਰਾਵਾਂ ਵਿਚ ਨੇਜ਼ੇ ਬਾਜ਼ੀ ਦਾ ਮੁਕਾਬਲਾ ਵੀ ਹੁੰਦਾ। ਭਾਵੇਂ ਬਾਬਾ ਮਹਾਂਦੇਵ ਇਸ ਵਿਚ ਕੋਈ ਦਿਲਚਸਪੀ ਨਹੀਂ ਸੀ ਲੈਂਦੇ ਪਰ ਜਦ ਉਨ੍ਹਾਂ ਦਾ ਵੱਡਾ ਭਰਾ ਪ੍ਰਿਥੀ ਚੰਦ ਉਨ੍ਹਾਂ ਪਾਸੋਂ ਹਾਰ ਜਾਂਦਾ ਤਾਂ ਉਹ ਬਹੁਤ ਦੁੱਖੀ ਹੁੰਦੇ। ਕਿਉਂਕਿ ਉਹ ਵੇਖਦਾ ਸੀ ਕਿ ਦਸ ਸਾਲ ਦੀ ਉਮਰ ਵਿਚ ਉਹ ਇਕ ਚੰਗਾ ਵਿਦਵਾਨ, ਇਕ ਵਧੀਆ ਘੋੜ ਸਵਾਰ ਤੇ ਨਿਪੁੰਨ ਤੀਰ-ਅੰਦਾਜ਼ ਬਣ ਗਿਆ ਸੀ।

(ਗੁਰੂ) ਅਰਜਨ ਦੇਵ ਜੀ ਬਾਬਾ ਮੋਹਨ ਜੀ ਦਾ ਵੀ ਬਹੁਤ ਸਤਿਕਾਰ ਕਰਦੇ ਸਨ, ਉਹ ਉਨ੍ਹਾਂ ਨੂੰ ਪੂਰਨ ਸੰਤ ਸਮਝਦੇ ਸਨ। ਆਪਣੇ ਮਾਤਾ-ਪਿਤਾ ਨਾਲ ਵੀ ਉਨ੍ਹਾਂ ਦਾ ਬਹੁਤ ਪਿਆਰ ਸੀ । ਉਹ ਸਦਾ ਉਨ੍ਹਾਂ ਸੰਗ ਰਹਿੰਦੇ ਸਨ ਅਤੇ ਉਨ੍ਹਾਂ ਦੇ ਹਰ ਹੁਕਮ ਦੀ ਪਾਲਣਾ ਕਰਦੇ ਸਨ।

ਮਾਤਾ ਭਾਨੀ ਨੇ ਉਨ੍ਹਾਂ ਨੂੰ ਭਾਣਾ ਮੰਨਣਾ ਸਿਖਾਇਆ ਅਤੇ ਗੁਰੂ ਰਾਮਦਾਸ ਜੀ ਨੇ ਸੱਚੀ ਸੁੱਚੀ ਸੇਵਾ ਦ੍ਰਿੜ੍ਹ ਕਰਾਈ।

Guru Arjan Dev Ji copy 4
Guru Arjan Dev Ji copy 5