ਇਹ ਜੋ ਗੀਤ ਆਪ ਜੀ ਸੁਨਣ ਜਾ ਰਹੇ ਹੋ ਇਹ ਗੀਤ ਭਾਈ ਵੀਰ ਸਿੰਘ ਜੀ ਦੀ ਰਚਨਾ ਸੁੰਦਰੀ ਪੁਸਤਕ ਵਿਚੋਂ ਲਇਆ ਗਿਆ ਹੈ। ਇਹ ਪੁਸਤਕ ਸੰਮਤ 1898 ਈ: ਵਿਚ ਸਬਤੋਂ ਪਹਿਲੀ ਵਾਰ ਛਪੀ ਸੀ, ਅਤੇ ਲਿਖੀ ਤਾਂ ਇਸ ਤੋਂ ਪਹਿਲਾਂ ਗਈ ਹੋਵੇਗੀ। ਇਸਦੇ ਲਿਖੇ ਜਾਣ ਦਾ ਆਧਾਰ ਇਹ ਗੀਤ ਹੈ ਜੋ ਤਦੋਂ ਬੀ ਇਸ ਵਿਚ ਛਪਿਆ ਸੀ। ਇਹ ਗੀਤ ਪੁਰਾਤਨ ਹੈ ਤੇ ਪੁਰਾਤਨ ਮਾਈਆਂ ਨੇ ਗਾਇਆ ਤੇ ਇਸ ਵਿਚ ਹਾਲ “ਸੁੰਦਰੀ” ਵਾਲਾ ਸੁਣਾਇਆ ਕਰਦੀਆਂ ਸਨ। ਇਹ ਗੀਤ ਇਸ ਪ੍ਰਕਾਰ ਹੈ :-
ਨਣਦ ਭਰਜਾਈ ਚੀਣਾ ਛੜਦੀਆਂ, ਫ਼ੌਜ ਮੁਗਲਾਂ ਦੀ ਚੜ੍ਹਿਆ। ਹਾਏ ਵੇ ਸਿਪਾਹੀ ਜਾਂਦਿਆ !
ਘਰ ਨਹੀਂ ਸੀ ਰਾਂਝਾ, ਆਪਣੀ ਗੋਰੀ ਨੂੰ ਕੌਣ ਛੁਡਾ। ਹਾਏ ਵੇ ਸਿਪਾਹੀ ਜਾਂਦਿਆ !
ਉਡੀਂ ਉਡੀਂ ਵੇ ਕਾਗ ਸੁਲੱਖਣੇ! ਕਹਿ ਮੇਰੇ ਬਾਪ ਨੂੰ, ਧੀ ਪਕੜੀ ਵੀ ਜਾ। ਹਾਏ ਵੇ ਸਿਪਾਹੀ ਜਾਂਦਿਆ !
ਮੁਹਰਾਂ ਦਿਆਂ ਡੇਢ ਲੱਖ ਰੁਪਏ ਦਿਆਂ ਲੱਖ ਚਾਰ, ਮਿੰਨਤ ਮੁਥਾਜੀ ਕਰ ਕੇ ਧੀ ਲਊਂਗਾ ਛੁਡਾ । ਹਾਏ ਵੇ ਸਿਪਾਹੀ ਜਾਂਦਿਆ !
ਅੱਗ ਲਾਵਾਂ ਤੇਰੇ ਲੱਖਾਂ ਨੂੰ ਮੋਹਰਾਂ ਜਲ ਜਾ, ਐਸੀ ਸੁੰਦਰ ਸੋਹਣੀ ਸਾਥੋਂ ਛਡੀਆ ਨਾ ਜਾ । ਹਾਏ ਵੇ ਸਿਪਾਹੀ ਜਾਂਦਿਆ !
ਉਡੀਂ ਉਡੀਂ ਵੇ ਕਾਗ ਸੁਲੱਖਣੇ! ਮੇਰੇ ਵੀਰ ਕੋਲ ਜਾ ਕਹੀਂ ਮੇਰੇ ਵੀਰ ਨੂੰ ਭੈਣ ਪਕੜੀ ਵੀ ਜਾ । ਹਾਏ ਵੇ ਸਿਪਾਹੀ ਜਾਂਦਿਆ !
ਮੋਤੀ ਦਿਆਂਗਾ ਡੇਢ ਸੋ ਮੁਹਰਾਂ ਦਿਆਂ ਲਖ ਚਾਰ। ਹੱਥ ਜੋੜ ਕਰ ਬੇਨਤੀ ਭੈਣ ਲਵਾਂਗਾ ਛੁਡਾ । ਹਾਏ ਵੇ ਸਿਪਾਹੀ ਜਾਂਦਿਆ !
ਅੱਗ ਲਾਵਾਂ ਤੇਰੇ ਮੋਤੀਆਂ ਮੋਹਰਾਂ ਜਲ ਜਾ, ਐਸੀ ਸੁੰਦਰ ਸੋਹਣੀ ਸਾਥੋਂ ਛਡੀਆ ਨਾ ਜਾ। ਹਾਏ ਵੇ ਸਿਪਾਹੀ ਜਾਂਦਿਆ !
ਉਡੀਂ ਉਡੀਂ ਵੇ ਕਾਗ ਸੁਲੱਖਣੇ! ਮੇਰੇ ਕੰਤ ਕੋਲ ਜਾ, ਆਖੀਂ ਮੇਰੇ ਕੰਤ ਨੂੰ ਨਾਰ ਪਕੜੀ ਵੀ ਜਾ । ਹਾਏ ਵੇ ਸਿਪਾਹੀ ਜਾਂਦਿਆ !
ਹੀਰੇ ਦਿਆਂ ਇਕ ਲਖ ਲਾਲਾਂ ਲਖ ਚਾਰ, ਦੋ ਘੜੀਆਂ ਦੀ ਬੇਨਤੀ ਸੋਹਣੀ ਲਉਂ ਜਾ ਛੁਡਾ। ਹਾਏ ਵੇ ਸਿਪਾਹੀ ਜਾਂਦਿਆ !
ਅੱਗ ਲਾਵਾਂ ਤੇਰੇ ਹੀਰਿਆਂ ਲਾਲਾਂ ਜਲ ਜਾ, ਐਸੀ ਸੁੰਦਰ ਸੋਹਣੀ ਸਾਥੋਂ ਛਡੀਆ ਨਾ ਜਾ। ਹਾਏ ਵੇ ਸਿਪਾਹੀ ਜਾਂਦਿਆ !
ਜਾਹ ਬਾਪ ਘਰ ਆਪਣੇ ਰੱਖਾਂ ਤੇਰੜੀ ਲਾਜ, ਮੁਗਲਾਂ ਦਾ ਖਾਣਾ ਨਾ ਖਾਵਾਂ, ਮੈਂ ਖੜੀ ਜਲ ਜਾਂ। ਹਾਏ ਵੇ ਸਿਪਾਹੀ ਜਾਂਦਿਆ !
ਜਾਹ ਵੀਰ ਘਰ ਆਪਣੇ ਰੱਖਾਂ ਤੇਰੜੀ ਲਾਜ, ਮੁਗਲਾਂ ਦਾ ਪਾਣੀ ਨਾ ਪੀਵਾਂ ਮੈਂ ਖੜੀ ਜਲ ਜਾਂ। ਹਾਏ ਵੇ ਸਿਪਾਹੀ ਜਾਂਦਿਆ !
ਜਾਹ ਕੰਤ ਘਰ ਆਪਨੇ ਰੱਖਾਂ ਤੇਰੜੀ ਲਾਜ, ਮੁਗਲਾਂ ਦੀ ਸੇਜੇ ਨਾ ਚੜ੍ਹਾਂ ਮੈਂ ਖੜੀ ਜਲ ਜਾਂ । ਹਾਏ ਵੇ ਸਿਪਾਹੀ ਜਾਂਦਿਆ !
ਬਾਪ ਹਮਾਰਾ ਡਿੱਗ ਪਿਆ ਵੀਰ ਪਿਆ ਗਸ਼ ਖਾ, ਕੰਤ ਹਮਾਰਾ ਹੱਸ ਪਿਆ ਕਰਸਾਂ ਹੋਰ ਵਿਆਹ । ਹਾਏ ਵੇ ਸਿਪਾਹੀ ਜਾਂਦਿਆ !
ਮੁਗਲ ਗਿਆ ਸੀ ਪਾਣੀਏਂ ਪਿੱਛੋਂ ਗੋਰੀ ਚਿਖਾ ਬਨਾ, ਸੜਨ ਲੱਗੀ ਸੀ ਭੈਨੜੀ ਉਤੋਂ ਵੀਰ ਗਯਾ ਆ । ਹਾਏ ਵੇ ਸਿਪਾਹੀ ਜਾਂਦਿਆ !